




Total views : 167610






Total views : 167610ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਨਵੋਕੇਸ਼ਨ ‘ਚ
ਗਿਆਨ, ਕਿਰਦਾਰ ਤੇ ਸਮਾਜ ਸੇਵਾ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਸੱਦਾ,
ਯੂਨੀਵਰਸਿਟੀਆਂ ਰਾਸ਼ਟਰ ਦੀ ਆਤਮਾ ਨੂੰ ਆਕਾਰ ਦਿੰਦੀਆਂ: ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ
ਹੁਣ ‘ਉਡਦਾ ਪੰਜਾਬ’ ਨਹੀਂ ਸਗੋਂ ‘ਪੜ੍ਹਦਾ ਪੰਜਾਬ’: ਉਚੇਰੀ ਸਿਖਿਆ ਮੰਤਰੀ, ਬੈਂਸ
ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਣਵੱਤਾ ਭਰਪੂਰ ਸਿੱਖਿਆ, ਖੋਜ, ਨਵੀਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਹਮੇਸ਼ਾਂ ਵਚਨਬੱਧ : ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ
03 ‘ਚਾਂਸਲਰ ਮੈਡਲ’, 35 ‘ਮੈਮੋਰੀਅਲ ਮੈਡਲ’, 82 ਪੀਐੱਚ.ਡੀ. ਅਤੇ 336 ਵਿਦਿਆਰਥੀਆਂ ਨੂੰ ਗ੍ਰੈਜੂਏਟ-ਪੋਸਟ ਗ੍ਰੈਜੂਏਟ ਡਿਗਰੀਆਂ ਪ੍ਰਦਾਨ
ਅੰਮ੍ਰਿਤਸਰ, 12 ਜੁਲਾਈ, 2026 ( ) –
ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਕੇਵਲ ਰੁਜ਼ਗਾਰ ਪ੍ਰਾਪਤ ਕਰਨਾ ਨਹੀਂ, ਸਗੋਂ ਅਜਿਹੇ ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਨੈਤਿਕ ਨਾਗਰਿਕ ਤਿਆਰ ਕਰਨਾ ਹੁੰਦਾ ਹੈ ਜੋ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਸਰਗਰਮ ਯੋਗਦਾਨ ਪਾਉਣ। ਅਜਿਹਾ ਉਹਨਾਂ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਨਵੋਕੇਸ਼ਨ ਵਿਚ 456 ਵਿਦਿਆਰਥੀਆਂ ਜਿਨ੍ਹਾਂ ਵਿਚ 03 ਵਿਦਿਆਰਥੀਆਂ ਨੂੰ ‘ਚਾਂਸਲਰ ਮੈਡਲ’, 35 ਹੋਣਹਾਰ ਵਿਦਿਆਰਥੀਆਂ ਨੂੰ ‘ਮੈਮੋਰੀਅਲ ਮੈਡਲ’, 82 ਖੋਜ-ਵਿਦਿਆਰਥੀਆਂ ਨੂੰ ਪੀਐੱਚ.ਡੀ. ਅਤੇ 336 ਵਿਦਿਆਰਥੀਆਂ ਨੂੰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਡਿਗਰੀਆਂ ਅਤੇ ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਸ. ਜਸਪ੍ਰੀਤ ਸਿੰਘ ਨੂੰ ਆਨਰਜ਼ ਕਾਜ਼ਾ ਡਿਗਰੀ ਪ੍ਰਦਾਨ ਕਰਨ ਸਮੇਂ ਸੰਬੋਧਨ ਕੀਤਾ।
ਉਨ੍ਹਾਂ ਨੇ ਅਕਾਦਮਿਕ ਸਿੱਖਿਆ ਪੂਰੀ ਕਰਨ ਉਪਰੰਤ ਸਮਾਜ ਵਿਚ ਕਦਮ ਰੱਖਣ ਜਾ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਸਿਰਫ਼ ਇਕ ਯੂਨੀਵਰਸਿਟੀ ਨਹੀਂ ਹੈ, ਸਗੋਂ ਉੱਚ ਸਿੱਖਿਆ, ਖੋਜ ਅਤੇ ਕਦਰਾਂ-ਕੀਮਤਾਂ ਦਾ ਇਕ ਚਾਨਣ-ਮੁਨਾਰਾ ਹੈ ਜਿਸ ਨੇ ਦੇਸ਼ ਅਤੇ ਦੁਨੀਆ ਨੂੰ ਅਣਗਿਣਤ ਪ੍ਰਤਿਭਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੱਕਾਰੀ ਸੰਸਥਾ , ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਸਾਲ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ਉੱਤੇ ਕੀਤੀ ਗਈ ਸੀ। ਇਹ ਸਿਰਫ਼ ਇਕ ਯੂਨੀਵਰਸਿਟੀ ਦੀ ਸਥਾਪਨਾ ਨਹੀਂ ਸੀ, ਸਗੋਂ ਪੰਜਾਬ ਅਤੇ ਦੇਸ਼ ਦੀ ਸਭਿਆਚਾਰਕ, ਅਧਿਆਤਮਿਕ ਅਤੇ ਵਿੱਦਿਅਕ ਵਿਰਾਸਤ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਇਕ ਰਾਸ਼ਟਰੀ ਸੰਕਲਪ ਸੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਪਣੇ ਇਤਿਹਾਸ ਵਿਚ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਉਨ੍ਹਾਂ ਵੱਲੋਂ ਉਚ-ਸਿਖਿਆ ਅਤੇ ਹੋਰ ਖੇਤਰਾਂ ਵਿਚ ਪਾਏ ਅਹਿਮ ਯੋਗਦਾਨ ਸਦਕਾ ਹੋਰਨਾਂ ਸਨਮਾਨਾਂ ਤੋਂ ਇਲਾਵਾ ਪੰਜਾਬ ਰਤਨ ਪੁਰਸਕਾਰ ਅਤੇ ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਇਕ ਮਾਣ ਵਾਲੀ ਗੱਲ ਹੈ। ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਸ਼ਾਨਦਾਰ ਸਫ਼ਰ ਵਿਚ, ਇਸ ਯੂਨੀਵਰਸਿਟੀ ਨੇ ਸਿੱਖਿਆ, ਖੋਜ, ਖੇਡਾਂ, ਸਭਿਆਚਾਰ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਦੇਸ਼ ਅਤੇ ਵਿਦੇਸ਼ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ ।
ਇਸ ਯਾਦਗਾਰ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਅਤੇ ਵਾਈਸ ਚਾਂਸਲਰ, ਪ੍ਰੋ.ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਵੱਲੋਂ ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਸ. ਜਸਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਦੇ ਅਕਾਦਮਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਸਦਕਾ ਆਨਰਜ਼ ਕਾਜ਼ਾ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਮੰਚ ਉਪਰ ਉਚੇਰੀ ਸਿਖਿਆ ਮੰਤਰੀ, ਸ. ਹਰਜੋਤ ਸਿੰਘ ਬੈਂਸ, ਐਡੀਸ਼ਨ ਪ੍ਰਿੰਸੀਪਲ ਸਕੱਤਰ, ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਆਈ.ਏ.ਐੱਸ., ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਵਿੰਦਰ ਸਿੰਘ ਸੈਣੀ, ਰਜਿਸਟਰਾਰ, ਪ੍ਰੋ.ਕੇ.ਐਸ. ਚਾਹਲ ਤੋਂ ਇਲਾਵਾ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਅਕਾਦਮਿਕ ਕੌਂਸਲ ਦੇ ਮੈਂਬਰਾਂ, ਡੀਨਜ਼, ਵਿਭਾਗ ਮੁਖੀਆਂ, ਅਧਿਆਪਕਾਂ, ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ, ਮੈਂਬਰ ਪਾਰਲੀਮੈਂਟ, ਸ਼੍ਰੀ ਰਾਜ ਕੁਮਾਰ ਚੱਬੇਵਾਲ, ਐਮ.ਐਲ.ਏ. ਡਾ. ਇੰਦਰਬੀਰ ਸਿੰਘ ਨਿੱਜਰ, ਮੇਅਰ, ਸ. ਜਤਿੰਦਰ ਸਿੰਘ ਭਾਟੀਆ, ਕਾਰਜਕਾਰੀ ਐਸ.ਜੀ.ਪੀ.ਸੀ. ਮੈਂਬਰ, ਸ. ਰਜਿੰਦਰ ਸਿੰਘ ਮਹਿਤਾ ਨੇ ਇਸ ਮੌਕੇ ਵਿਸ਼ੇਸ਼ ਸ਼ਮੂਲੀਅਤ ਕੀਤੀ।
ਆਪਣੇ ਸੰਬੋਧਨ ਵਿਚ ਮਾਨਯੋਗ ਗਵਰਨਰ ਨੇ ਕਿਹਾ ਕਿ ਕਨਵੋਕੇਸ਼ਨ ਕਿਸੇ ਵੀ ਅਕਾਦਮਿਕ ਅਦਾਰੇ ਦਾ ਸਭ ਤੋਂ ਵੱਡਾ ਉਤਸਵ ਹੁੰਦੀ ਹੈ। ਉਨ੍ਹਾਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਰੇ ਹੀ ਵਿਦਿਆਰਥੀਆਂ ਨੂੰ ਮੰਚ ਉਪਰ ਬੁਲਾ ਕੇ ਮੈਡਲ ਅਤੇ ਡਿਗਰੀਆਂ ਦਿੱਤੀਆਂ ਗਈਆਂ ਹਨ। ਉਨ੍ਹ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਸਿਰਫ਼ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਜਾਂ ਉਨ੍ਹਾਂ ਨੂੰ ਡਿਗਰੀਆਂ ਪ੍ਰਦਾਨ ਕਰਨ ਤੋਂ ਉੱਪਰ ਹੁੰਦੀ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਰਾਸ਼ਟਰ ਦੀ ਆਤਮਾ ਨੂੰ ਆਕਾਰ ਦਿੰਦੀਆਂ ਹਨ ਅਤੇ ਇਕ ਯੂਨੀਵਰਸਿਟੀ ਸਮਾਜ ਦੀ ਚੇਤਨਾ ਨੂੰ ਵੀ ਆਕਾਰ ਦਿੰਦੀ ਹੈ। ਇਹ ਸਮਾਜ ਦਾ ਮਾਰਗ-ਦਰਸ਼ਨ ਕਰਦੀ ਹੈ, ਸਾਡੀ ਮਹਾਨ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਦੀ ਹੈ ਅਤੇ ਨਵੀਂ ਪੀੜ੍ਹੀ ਵਿਚ ਵਿਗਿਆਨਕ ਚੇਤਨਾ ਪੈਦਾ ਕਰਦੀ ਹੈ। ਇਹ ਉਹ ਸਥਾਨ ਹਨ ਜਿੱਥੇ ਲੋਕਤੰਤਰੀ ਕਦਰਾਂ-ਕੀਮਤਾਂ ਮਜ਼ਬੂਤ ਹੁੰਦੀਆਂ ਹਨ, ਸਮਾਜਿਕ ਸਦਭਾਵਨਾ ਦਾ ਤਾਣਾ-ਬਾਣਾ ਬੁਣਿਆ ਜਾਂਦਾ ਹੈ ਅਤੇ ਦੇਸ਼ ਦੇ ਆਰਥਿਕ ਵਿਕਾਸ ਲਈ ਇਕ ਮਜ਼ਬੂਤ ਨੀਂਹ ਰੱਖੀ ਜਾਂਦੀ ਹੈ।
ਉਨ੍ਹਾਂ ਇਸ ਮੌਕੇ ਪੰਜਾਬ ਦੇ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਪੰਜਾਬ ਦੇ ਸਿਖਿਆ ਵਿਚ ਪਹਿਲੇ ਸਥਾਨ ‘ਤੇ ਆਉਣ ਦੇ ਵਧਾਈ ਦਿੰਦਿਆਂ ਕਿਹਾ ਕਿ ਅੱਜ, ਜਦੋਂ ਅਸੀਂ ਵਿਸ਼ਵ ਪੱਧਰ ‘ਤੇ ਦੇਖਦੇ ਹਾਂ ਤਾਂ ਭਾਰਤ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਆਬਾਦੀ ਵਾਲੇ ਦੇਸ਼ ਵਜੋਂ ਉੱਭਰ ਰਿਹਾ ਹੈ। ਇਹ ਜਨਸੰਖਿਆ ਲਾਭਅੰਸ਼ ਸਾਡੀ ਸਭ ਤੋਂ ਵੱਡੀ ਤਾਕਤ ਹੈ। ਜੇਕਰ ਸਾਡੀਆਂ ਯੂਨੀਵਰਸਿਟੀਆਂ ਸ਼ਾਨਦਾਰ ਸਿੱਖਿਆ, ਉੱਚ-ਪੱਧਰੀ ਖੋਜ ਅਤੇ ਨਵੀਨਤਾ ਦੇ ਵਿਸ਼ਵਵਿਆਪੀ ਕੇਂਦਰ ਬਣ ਜਾਂਦੀਆਂ ਹਨ ਤਾਂ 2047 ਤੱਕ “ਵਿਕਸਤ ਭਾਰਤ” ਬਣਾਉਣ ਦਾ ਸਾਡਾ ਸੰਕਲਪ ਨਿਸ਼ਚਿਤ ਰੂਪ ਵਿਚ ਸਿੱਧ ਹੋਵੇਗਾ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਉੁਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੁਝ ਖ਼ਾਸ ਉਮੀਦਾਂ ਰੱਖਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਵਿੱਖ ਵਿਚ ਇਹ ਸੰਸਥਾ ਨਾ ਸਿਰਫ਼ ਦੇਸ਼ ਵਿਚ ਸਗੋਂ ਦੁਨੀਆ ਭਰ ਵਿਚ ਉੱਚ-ਪੱਧਰੀ ਖੋਜ ਲਈ ਇਕ ਮੋਹਰੀ ਕੇਂਦਰ ਬਣਦੀ ਹੋਈ ਏ.ਆਈ., ਡੇਟਾ ਸਾਇੰਸ, ਸਾਈਬਰ ਸੁਰੱਖਿਆ, ਸਿਹਤ ਵਿਗਿਆਨ, ਖੇਤੀਬਾੜੀ ਨਵੀਨਤਾ, ਭਾਰਤੀ ਗਿਆਨ ਪ੍ਰਣਾਲੀਆਂ, ਡਿਜੀਟਲ ਸਿੱਖਿਆ, ਹੁਨਰ ਵਿਕਾਸ, ਉੱਦਮਤਾ ਅਤੇ ਵਿਸ਼ਵ-ਵਿਆਪੀ ਖੋਜ ਵਰਗੇ ਖੇਤਰਾਂ ਵਿਚ ਨਵੀਆਂ ਉਚਾਈਆਂ ਪ੍ਰਾਪਤ ਕਰੇਗੀ ਅਤੇ 2047 ਵਿਚ ਇਕ ਵਿਕਸਤ ਭਾਰਤ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਏਗੀ ।
ਸ. ਜਸਪ੍ਰੀਤ ਸਿੰਘ ਦਾ ਆਪਣੀ ਯੂਨੀਵਰਸਿਟੀ, ਪੰਜਾਬ ਅਤੇ ਦੇਸ਼ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਅੱਜ, ਜਦੋਂ ਤੁਸੀਂ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਮਨਾ ਰਹੇ ਹੋ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਕ ਪਲ ਲਈ ਰੁਕੋ ਅਤੇ ਉਨ੍ਹਾਂ ਨੂੰ ਯਾਦ ਕਰੋ ਜਿਨ੍ਹਾਂ ਦੇ ਸਹਿਯੋਗ ਨੇ ਤੁਹਾਡੀ ਵਿੱਦਿਅਕ ਯਾਤਰਾ ਨੂੰ ਸੰਭਵ ਬਣਾਇਆ ਹੈ। ਤੁਹਾਡੀ ਸਫ਼ਲਤਾ ਤੁਹਾਡੀ ਸਖ਼ਤ ਮਿਹਨਤ ਦਾ ਨਤੀਜਾ ਹੈ ਪਰ ਇਸ ਵਿਚ ਤੁਹਾਡੇ ਮਾਪਿਆਂ ਦਾ ਤਿਆਗ, ਤੁਹਾਡੇ ਅਧਿਆਪਕਾਂ ਦੀ ਅਗਵਾਈ ਅਤੇ ਸਮਾਜ ਦਾ ਯੋਗਦਾਨ ਵੀ ਸ਼ਾਮਲ ਹੈ। ਇਸ ਲਈ ਸਮਾਜ ਪ੍ਰਤੀ ਆਪਣਾ ਕਰਜ਼ ਚੁਕਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਭਾਵੇਂ ਤੁਸੀਂ ਇਕ ਉੱਦਮੀ ਬਣੋ ਜੋ ਨੌਕਰੀਆਂ ਪੈਦਾ ਕਰਦਾ ਹੈ, ਇਕ ਵਿਗਿਆਨੀ ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ, ਇਕ ਜਨਤਕ ਸੇਵਕ ਜੋ ਜਨਤਾ ਲਈ ਕੰਮ ਕਰਦਾ ਹੈ ਜਾਂ ਇਕ ਲੋਕ-ਉਪਕਾਰੀ ਜੋ ਸਮਾਜ ਦੀ ਸੇਵਾ ਕਰਦਾ ਹੈ, ਤੁਹਾਡੀ ਸਿੱਖਿਆ ਹਾਸ਼ੀਆਗਤ ਵਰਗਾਂ ਲਈ ਸਸ਼ਕਤੀਕਰਨ ਦਾ ਸਰੋਤ ਬਣਨੀ ਚਾਹੀਦੀ ਹੈ।
ਉਨ੍ਹਾਂ ਡਿਗਰੀ ਲੈਣ ਵਾਲਿਆਂ ਵਿਚ ਵਿਦਿਆਰਥਣਾਂ ਦੀ ਵੱਧ ਗਿਣਤੀ ਦਾ ਹਵਾਲੇ ਨਾਲ ਖੁਸ਼ੀ ਜਤਾਉਂਦਿਆਂ ਕਿਹਾ ਕਿ ਵਿਦਿਆਰਥੀ ਵਿਕਾਸ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਜਾਂ ਬੱਚਿਆਂ ਦੀਆਂ ਜੀਵਨ ਦਿਸ਼ਾਵਾਂ ਵਿਚ ਕਿਸੇ ਤਰ੍ਹਾਂ ਦੀ ਭਟਕਣ ਹੈ ਤਾਂ ਇਸ ਵਿਚ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਇਸ ਮੌਕੇ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮਹਾਨ ਵਿਰਾਸਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਸਿਖਿਆ ਦੇ ਖੇਤਰ ਵਿਚ ਹੀ ਨਹੀਂ ਸਗੋਂ ਵੀ ਬਹੁਤ ਸਾਰੇ ਖੇਤਰਾਂ ਵਿਚ ਅੱਗੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਚੇਰੀ ਸਿਖਿਆ ਵਿਚ ਪਹਿਲੇ ਨੰਬਰ ‘ਤੇ ਹੈ ਉਥੇ ਕੇਰਲਾ ਨੂੰ ਪਿਛੇ ਛਡਦੇ ਹੋਏ ਸਕੂਲ਼ ਸਿਖਿਆ ਵਿਚ ਵੀ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ‘ਉਡਦਾ ਪੰਜਾਬ’ ਨਹੀਂ ਸਗੋਂ ‘ਪੜ੍ਹਦਾ ਪੰਜਾਬ’ ਹੈ।
ਆਨਰਜ਼ ਕਾਜ਼ਾ ਡਿਗਰੀ ਪ੍ਰਾਪਤ ਕਰਨ ਉਪਰੰਤ ਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉਚਾਈਆਂ ‘ਤੇ ਲਿਜਾਣ ਲਈ ਦਿਲੋਂ ਮਿਹਨਤ ਕਰ ਰਹੇ ਹਨ ਅਤੇ ਅਕਸਰ ਮੇਰੇ ਨਾਲ ਗੱਲਬਾਤ ਦੌਰਾਨ ਉਹ ਬਾਹਰਲੀਆਂ ਯੂਨੀਵਰਸਿਟੀਆਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਸਾਂਝ ਲਈ ਸੰਭਾਵਨਾਵਾਂ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਭਾਈਚਾਰਾ ਹਮੇਸ਼ਾ ਹੀ ਆਪਣੇ ਦੇਸ਼ ਅਤੇ ਪੰਜਾਬ ਦੀ ਤਰੱਕੀ ਲਈ ਚਿੰਤਨਸ਼ੀਲ ਰਹਿੰਦਾ ਹੈ।
ਇਸ ਤੋਂ ਪਹਿਲਾਂ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਸਾਰਿਆਂ ਦਾ ਸਵਾਗਤ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਸਥਾਪਨਾ ਕਾਲ ਤੋਂ ਹੀ ਗੁਣਵੱਤਾ ਭਰਪੂਰ ਸਿੱਖਿਆ, ਖੋਜ, ਨਵੀਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧ ਰਹੀ ਹੈ।
ਪੰਜਾਬ, ਖ਼ਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਨਸ਼ਿਆਂ ਦੇ ਖ਼ਿਲਾਫ਼ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਸਦਕਾ ਮਾਨਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਸੰਸਾ ਕਰਦਿਆਂ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਨਿਯਮਿਤ ਦੌਰਿਆਂ ਰਾਹੀਂ ਜਾਗਰੂਕਤਾ ਮਾਰਚਾਂ, ਪੈਦਲ ਯਾਤਰਾਵਾਂ ਅਤੇ ਸਮਾਜਿਕ-ਪਹੁੰਚ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਨੇ ਨਸ਼ਾ-ਵਿਰੋਧੀ ਮੁਹਿੰਮ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਈ। ਉਨ੍ਹਾਂ ਦੀ ਅਗਵਾਈ ਹੇਠ “ਡਰੱਗ-ਫ੍ਰੀ ਪੰਜਾਬ” ਅਤੇ “ਯੁੱਧ ਨਸ਼ਿਆਂ ਵਿਰੁੱਧ” ਵਰਗੀਆਂ ਮੁਹਿੰਮਾਂ ਨੂੰ ਵੱਡੀ ਗਤੀ ਮਿਲੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਸ੍ਰੀ ਕਟਾਰੀਆ ਜੀ ਲੋਕ ਭਵਨ ਵਿਖੇ ਨਿਯਮਿਤ ਤੌਰ ‘ਤੇ ਲੋਕ-ਦਰਬਾਰ ਲਗਾ ਕੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹਨ ਅਤੇ ਜਵਾਬਦੇਹ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਦੇ ਹਨ।
ਉਚੇਰੀ ਸਿਖਿਆ ਮੰਤਰੀ, ਸ. ਹਰਜੋਤ ਸਿੰਘ ਬੈਂਸ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿਖਿਆ ਦੇ ਖੇਤਰ ਵਿਚ ਪੰਜਾਬ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਇਸ ਮੌਕੇ ਐਡੀਸ਼ਨਲ ਪ੍ਰਿੰਸੀਪਲ ਸਕੱਤਰ, ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਆਈ.ਏ.ਐੱਸ. ਦਾ ਸਵਾਗਤ ਕਰਦਿਆਂ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ।
ਉਨ੍ਹਾਂ ਸ. ਜਸਪ੍ਰੀਤ ਸਿੰਘ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਰਿਚਮੰਡ ਹਿੱਲ, ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਸ. ਜਸਪ੍ਰੀਤ ਸਿੰਘ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਖੇਤਰ ਵਿੱਚ 24 ਸਾਲਾਂ ਤੋਂ ਵੱਧ ਦਾ ਅਨੁਭਵ ਰੱਖਣ ਵਾਲੇ ਇਸ ਮਾਹਿਰ ਨੇ ਦਸ ਹਜ਼ਾਰ ਤੋਂ ਵੱਧ ਇਮੀਗ੍ਰੇਸ਼ਨ ਮਾਮਲਿਆਂ ਨੂੰ ਸਫ਼ਲਤਾਪੂਰਵਕ ਸੰਭਾਲਿਆ ਹੈ ਅਤੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਨੂੰ ਅਮੁੱਲੀ ਸਹਾਇਤਾ ਪ੍ਰਦਾਨ ਕੀਤੀ ਹੈ। ਪੰਜਾਬੀ ਪਰਵਾਸੀ ਭਾਈਚਾਰੇ ਅਤੇ ਅਮਰੀਕੀ ਕਾਨੂੰਨੀ ਪ੍ਰਣਾਲੀ ਵਿਚਕਾਰ ਇਕ ਮਜ਼ਬੂਤ ਪੁਲ ਵਜੋਂ ਜਾਣੇ ਜਾਂਦੇ ਸ. ਜਸਪ੍ਰੀਤ ਸਿੰਘ ਨੇ ਇਮੀਗ੍ਰੇਸ਼ਨ ਨੀਤੀ ਅਤੇ ਸੁਧਾਰਾਂ ਸਬੰਧੀ ਵਿਚਾਰ-ਵਟਾਂਦਰਿਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਉਪਲਬਧੀਆਂ ਵਿੱਚ ਨਿਊ ਜਰਸੀ ਗਵਰਨਿੰਗ ਕੌਂਸਲ ਲਈ ਚੋਣ, ਨਿਊ ਜਰਸੀ ਦੀ ਟ੍ਰਾਂਜ਼ੀਸ਼ਨ ਇੰਟਰਡਿਸਪਲਿਨਰੀ ਐਡਵਾਇਜ਼ਰੀ ਟਾਸਕ ਫੋਰਸ ਵਿੱਚ ਨਿਯੁਕਤੀ ਅਤੇ ਵਾਸ਼ਿੰਗਟਨ ਡੀ.ਸੀ. ਵਿੱਚ ‘ਬਰਜ ਗਲੋਬਲ ਪਾਵਰ 100’ ਵਿੱਚ ਸ਼ਾਮਲ ਹੋਣਾ ਸ਼ਾਮਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਇਕ ਵਿਲੱਖਣ ਸਾਬਕਾ-ਵਿਦਿਆਰਥੀ ਵਜੋਂ ਉਨ੍ਹਾਂ ਨੇ ਸਿੱਖਿਆ ਅਤੇ ਖੋਜ ਪ੍ਰਤੀ ਆਪਣੀ ਡੂੰਘੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਅਧਿਐਨ ਚੇਅਰ ਲਈ 5 ਕਰੋੜ ਰੁਪਏ ਅਤੇ ਪੀਐੱਚ.ਡੀ. ਸਕਾਲਰਸ਼ਿਪਾਂ ਲਈ 20 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਯੂਨੀਵਰਸਿਟੀ ਦੇ ਇਕ ਵਿਦੇਸ਼ੀ ਕੈਂਪਸ ਦੀ ਸਥਾਪਨਾ ਲਈ ਕੈਲੇਫੋਰਨੀਆ ਵਿੱਚ ਜ਼ਮੀਨ ਵੀ ਦਾਨ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਗਿਆਨ, ਚਰਿੱਤਰ, ਦਇਆ ਅਤੇ ਨਿਸ਼ਕਾਮ ਸੇਵਾ ‘ਤੇ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਦੀਵੀ ਸਿਧਾਂਤਾਂ ਦੀ ਰਹਿਨੁਮਾਈ ਹੇਠ, ਯੂਨੀਵਰਸਿਟੀ ਸਿੱਖਿਆ ਵਿੱਚ ਉੱਤਮਤਾ ਹਾਸਲ ਕਰਨ ਦੇ ਨਾਲ-ਨਾਲ ਸਮਾਜਿਕ ਤੌਰ ‘ਤੇ ਜ਼ਿੰਮੇਵਾਰ, ਨੈਤਿਕ ਮੁੱਲਾਂ ਨਾਲ ਸੰਪੰਨ ਅਤੇ ਵਿਸ਼ਵ ਪੱਧਰ ‘ਤੇ ਸਮਰੱਥ ਨਾਗਰਿਕ ਤਿਆਰ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਯੂਨੀਵਰਸਿਟੀ ਨੇ ਅਕਾਦਮਿਕ ਖੇਤਰ, ਖੋਜ, ਨਵੀਨਤਾ, ਅੰਤਰਰਾਸ਼ਟਰੀ ਸਹਿਯੋਗ, ਡਿਜੀਟਲ ਰੂਪਾਂਤਰਣ, ਵਿਦਿਆਰਥੀ ਭਲਾਈ, ਖੇਡਾਂ ਅਤੇ ਸਮਾਜਿਕ ਭਾਗੀਦਾਰੀ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ 4.00 ਵਿੱਚੋਂ 3.85 ਦੇ ਸ਼ਾਨਦਾਰ ਸਕੋਰ ਨਾਲ ਨੈਕ ਦੀ ਵੱਕਾਰੀ ਏ++ ਮਾਨਤਾ ਨੂੰ ਕਾਇਮ ਰੱਖਿਆ ਹੈ। ਇਹ ਪੰਜਾਬ ਦੀ ਇਕਲੌਤੀ ਸ਼੍ਰੇਣੀ-1 (ਕੈਟਾਗਰੀ-1) ਯੂਨੀਵਰਸਿਟੀ ਹੈ ਜਿਸ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇਸ ਨੂੰ “ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਂਸ” ਦਾ ਦਰਜਾ ਵੀ ਪ੍ਰਾਪਤ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਸੈਂਟਰ ਫ਼ਾਰ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵੱਲੋਂ ਇਸ ਨੂੰ ਦੁਨੀਆ ਦੀਆਂ ਸਿਖਰਲੀਆਂ 10 ਪ੍ਰਤੀਸ਼ਤ ਯੂਨੀਵਰਸਿਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਡਬਲਯੂ. ਯੂ. ਆਰ. ਆਈ. ਰੈਂਕਿੰਗਜ਼ ਵਿੱਚ ਇਸ ਨੇ ਯੂਨੀਵਰਸਿਟੀ ਬ੍ਰਾਂਡ ਅਤੇ ਪ੍ਰਤਿਸ਼ਠਾ ਸ਼੍ਰੇਣੀ ਅਧੀਨ ਵਿਸ਼ਵ ਪੱਧਰ ‘ਤੇ 78ਵਾਂ ਸਥਾਨ ਹਾਸਲ ਕੀਤਾ ਹੈ ਜੋ ਇਸ ਦੀ ਵਧ ਰਹੀ ਅਕਾਦਮਿਕ ਸਾਖ ਅਤੇ ਸਮਾਜਿਕ ਪ੍ਰਭਾਵ ਨੂੰ ਦਰਸਾਉਂਦਾ ਹੈ। ਯੂਨੀਵਰਸਿਟੀ ਦੇ ਖੇਡ ਚਿਕਿਤਸਾ ਅਤੇ ਵਿਗਿਆਨ ਵਿਭਾਗ ਨੂੰ ਖੇਡ ਸਿੱਖਿਆ ਅਤੇ ਵਿਗਿਆਨਕ ਖੋਜ ਵਿੱਚ ਉੱਤਮ ਯੋਗਦਾਨ ਲਈ ਰਾਸ਼ਟਰੀ ਸਰਵੋਤਮ ਸੰਸਥਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਇਕ ਹੋਰ ਇਤਿਹਾਸਕ ਕਦਮ ਚੁੱਕਦਿਆਂ “ਪੰਜਾਬੀ-ਪਹਿਲਾਂ ਸਿੱਖਿਆ, ਖੋਜ ਅਤੇ ਪ੍ਰਸ਼ਾਸਨ ਨੀਤੀ–2026” ਨੂੰ ਮਨਜ਼ੂਰੀ ਦਿੱਤੀ ਹੈ ਜਿਸ ਤਹਿਤ ਪੰਜਾਬੀ ਨੂੰ ਅੰਗਰੇਜ਼ੀ ਦੇ ਨਾਲ ਖੋਜ ਦੀ ਭਾਸ਼ਾ ਵਜੋਂ ਵਰਤਣ ਦਾ ਰਾਹ ਖੁੱਲ੍ਹਿਆ ਹੈ ਅਤੇ ਉੱਚ ਸਿੱਖਿਆ, ਪ੍ਰਸ਼ਾਸਨ ਅਤੇ ਗਿਆਨ ਸਿਰਜਣਾ ਵਿੱਚ ਇਸ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸਾਡੀ ਵਚਨਬੱਧਤਾ ਵੀ ਬਰਾਬਰ ਮਜ਼ਬੂਤ ਰਹੀ ਹੈ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਸਮਾਜਿਕ ਚੁਨੌਤੀਆਂ ਦੇ ਹੱਲ ਵਿੱਚ ਆਪਣਾ ਯੋਗਦਾਨ ਪਾਇਆ। ਖੋਜ ਦੇ ਖੇਤਰ ਵਿੱਚ ਭੌਤਿਕ ਵਿਗਿਆਨ ਵਿਭਾਗ ਨੇ ਇਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕਰਦਿਆਂ ਰਾਸ਼ਟਰੀ ਕੁਆਂਟਮ ਮਿਸ਼ਨ ਤਹਿਤ ਕੁਆਂਟਮ ਟੈਕਨੌਲੋਜੀ ਪ੍ਰਯੋਗਸ਼ਾਲਾ ਸਥਾਪਤ ਕਰਨ ਲਈ ਚੁਣੀਆਂ ਗਈਆਂ 23 ਪ੍ਰਮੁੱਖ ਸੰਸਥਾਵਾਂ ਵਿੱਚ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ, ਯੂਨੀਵਰਸਿਟੀ ਨੇ ਜਪਾਨ ਦੀ ਹੋਰਿਬਾ ਲਿਮਟਿਡ ਤੋਂ ਉਦਯੋਗ-ਪ੍ਰਯੋਜਿਤ ਖੋਜ-ਪ੍ਰੋਜੈਕਟ ਪ੍ਰਾਪਤ ਕਰਕੇ ਆਪਣੀ ਖੋਜ ਦੇ ਖੇਤਰ ਵਿਚ ਆਪਣੀ ਅੰਤਰਰਾਸ਼ਟਰੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ।
ਯੂਨੀਵਰਸਿਟੀ ਦੀ ਵਿਕਸਿਤ ਹੋ ਰਹੀ ਅੰਤਰਰਾਸ਼ਟਰੀ ਹੋਂਦ ਦਾ ਪ੍ਰਮਾਣ ਦਾ ਪ੍ਰਮਾਣ ਦਿੰਦਿਆਂ ਉਨ੍ਹਾਂ ਜਨੇਵਾ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਨਿਸ਼ਸਤਰੀਕਰਨ ਖੋਜ ਸੰਸਥਾ ਦੇ ‘ਆਰਟੀਫੀਸ਼ੀਅਲ ਇੰਟੈਲੀਜੈਂਸ਼, ਸੁਰੱਖਿਆ ਅਤੇ ਨੈਤਿਕਤਾ’ ਵਿਸ਼ੇ ਉੱਤੇ ਅੰਤਰ-ਧਰਮ ਸੰਵਾਦ ਵਿੱਚ ਭਾਗੀਦਾਰੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਵੀ ਵੱਡੇ ਪੱਧਰ ‘ਤੇ ਮਨਾਇਆ, ਜਿਸ ਰਾਹੀਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਵਿੱਚ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਨੂੰ ਉਤਸ਼ਾਹਿਤ ਕੀਤਾ ਗਿਆ।
ਸਮਾਗਮ ਦੀ ਸੰਪੰਨਤਾ ਮੌਕੇ ਪ੍ਰੋ. ਹਰਵਿੰਦਰ ਸਿੰਘ ਸੈਣੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।







