ਡਾ: ਇੰਦਰਜੀਤ ਕੌਰ ਵੱਲੋੰ ਪਿੰਡਾਂ ਦੀਆਂ ਗਰਾਮ ਸਭਾਵਾਂ ਨੂੰ “ਸਰਬਸੰਮਤੀ ਨਾਲ ਨਿਰਪੱਖ” ਪੰਚਾਇਤਾਂ ਚੁਣਨ ਦੀ ਅਪੀਲ

ਖ਼ਬਰ ਸ਼ੇਅਰ ਕਰੋ
035609
Total views : 131856

 

ਅੰਮ੍ਰਿਤਸਰ, 28 ਜੂਨ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
“ਨਸਲਾਂ-ਫ਼ਸਲਾਂ-ਪੰਜਾਬ ਬਚਾਓ” ਦੇ “ਲੋਕ-ਏਕਤਾ ਮਿਸ਼ਨ” ਤਹਿਤ, ਡਾ: ਇੰਦਰਜੀਤ ਕੌਰ ਮੁਖੀ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਨੇ ਅੱਜ “ਸਿਆਸੀ ਧੜੇਬੰਦੀ ਦੇ ਕੋਹੜ” ਨੂੰ ਗਲੋਂ ਲਾਹ ਕੇ, ਸਾਰੇ ਪਿੰਡਾਂ ਦੀਆਂ ਗਰਾਮ ਸਭਾਵਾਂ ਨੂੰ “ਸਰਬਸੰਮਤੀ ਨਾਲ ਨਿਰਪੱਖ” ਪੰਚਾਇਤਾਂ ਚੁਣਨ ਦੀ ਅਪੀਲ ਕੀਤੀ।
ਉਹਨਾਂ ਕਿਹਾ, ਕਿ ਅਜਿਹਾ ਕਰਨਾ ਸਮੇਂ ਦੀ ਬੇਹਦ ਜ਼ਰੂਰੀ ਮੰਗ ਹੈ, ਤਾਂ ਜੋ ਸਿਆਸੀ ਧੜੇਬੰਦੀ ਰਾਹੀਂ ਉਪਜੀ ਤੇ ਪਲ ਰਹੀ ਭਰਾ-ਮਾਰੂ ਨਫ਼ਰਤ, ਬੇਲੋੜੇ ਝਗੜੇ, ਕਤਲ, ਮੁਕੱਦਮੇਬਾਜ਼ੀ, ਨਸ਼ਾਖੋਰੀ, ਲੁੱਟ ਖ਼ਸੁੱਟ ਖ਼ਤਮ ਹੋ ਕੇ, ਪੇਂਡੂ ਆਪਸੀ ਭਾਈਚਾਰਾ, ਨੈਤਿਕਤਾ, ਇਨਸਾਫ਼, ਸਿਹਤ, ਆਤਮ-ਨਿਰਭਰਤਾ ਅਤੇ ਖ਼ੁਸ਼ਹਾਲੀ, ਮੁੜ ਬਹਾਲ ਹੋ ਸਕੇ।
ਉਹਨਾਂ ਨੇ ਮਾਰੂਥਲ ਬਣਨ ਦੀ ਕਗ਼ਾਰ ਤੇ ਖੜ੍ਹੇ ਅਤੇ ਕੈਂਸਰ ਵਰਗੀਆ ਮਾਰੂ ਬਿਮਾਰੀਆਂ ਦਾ ਘਰ ਬਣ ਚੁੱਕੇ ਪੰਜਾਬ ਨੂੰ ਬਚਾਉਣ ਲਈ, ਪਰਉਪਕਾਰੀ ਦਰਵੇਸ਼ ਭਗਤ ਪੂਰਨ ਸਿੰਘ ਜੀ ਦੇ ਬਚਨਾਂ ਅਨੁਸਾਰ, ਗੁਰਬਾਣੀ ਦੇ ਉਪਦੇਸ਼, “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।” ਪ੍ਰਤੀ, ਸਰਬਤ ਮਾਈ ਭਾਈ ਨੂੰ ਆਪੋ ਆਪਣਾ ਨੈਤਿਕ ਫਰਜ਼ ਪਾਲਣ ਦੀ ਵੀ ਪ੍ਰੇਰਨਾ ਕੀਤੀ।
ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਬਹਾਲ ਰੱਖਣ ਅਤੇ ਬੇਅਦਬੀਆ ਰੋਕਣ ਲਈ ਪਹਿਰੇ, ਧਰਤੀ ਹੇਠਲਾ ਪਾਣੀ ਬਚਾਉਣ ਲਈ ਖੇਤੀ ਵਿਭਿੰਨਤਾ, ਬਿਮਾਰੀਆ ਤੋਂ ਬਚਣ ਲਈ ਰੂੜੀ ਦੀ ਵਰਤੋਂ ਤੇ ਜ਼ਹਿਰ-ਮੁਕਤ ਜੈਵਿਕ ਖੇਤੀ ਨੀਤੀ ਲਾਗੂ ਕਰਨ ਲਈ, ਮਿਲਾਵਟਖ਼ੋਰੀ ਅਤੇ ਮਾਰੂ ਨਸ਼ਿਆਂ ਦੀ ਸਖ਼ਤੀ ਨਾਲ ਰੋਕਥਾਮ ਲਈ, ਸਰਬਸਾਂਝੀਆਂ ਨਿਰਪੱਖ, ਲੋਕਹਿਤ ਨੂੰ ਸਮਰਪਿਤ ਅਤੇ ਜਿੰਮੇਵਾਰ ਸਥਾਨਕ ਸਰਕਾਰਾਂ ਅਰਥਾਤ ਪੰਚਾਇਤਾਂ ਦਾ ਬਣਨਾ ਲਾਜ਼ਮੀ ਹੈ।
ਡਾ ਇੰਦਰਜੀਤ ਕੌਰ ਅਤੇ ਡਾ ਮਨਜੀਤ ਸਿੰਘ ਰੰਧਾਵਾ ਨੇ ਸਾਂਝੇੇ ਬਿਆਨ ਵਿੱਚ ਉਚੇਚੇ ਤੌਰ ਤੇ ਮਾਤਾਵਾਂ, ਭੈਣਾਂ, ਧੀਆਂ ਅਤੇ ਨੌਜਵਾਨ ਗੱਭਰੂਆਂ ਨੂੰ ਪਿੰਡਾਂ ਵਿੱਚ ਸਰਬਸੰਮਤੀ ਕਰਵਾਉਣ ਲਈ ਅਗਵਾਈ ਕਰਨ ਦੀ ਅਪੀਲ ਕੀਤੀ।
ਉਹਨਾਂ ਖ਼ੁਲਾਸਾ ਕੀਤਾ ਕਿ ਬੀਬੀਆਂ ਅਤੇ ਗੱਭਰੂ, ਵੋਟਰਾਂ ਦਾ ਕਰਮਵਾਰ 50% ਅਤੇ 25%, ਅਰਥਾਤ ਤਿੰਨ ਚੌਥਾਈ ਹਨ। “ਨਸਲਾਂ-ਫ਼ਸਲਾਂ-ਪੰਜਾਬ ਬਚਾਉਣ ਲਈ” ਜੇ ਮਿਥ ਲੈਣ ਕਿ ਸਿਆਸੀ “ਧੜੇਬੰਦੀ ਦੀ ਪੱਖਪਾਤੀ” ਪੰਚਾਇਤੀ ਚੋਣ ਨਹੀਂ ਹੋਣ ਦੇਣੀ, ਤਾਂ ਹਰੇਕ ਪਿੰਡ ਵਿੱਚ ਸਰਬਸੰਮਤੀ ਹੋਣੋਂ ਕੋਈ ਰੋਕ ਹੀ ਨਹੀਂ ਸਕਦਾ।