




Total views : 162179






Total views : 162179
ਅੰਮ੍ਰਿਤਸਰ, 27 ਦਸੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-26 ਨਵੰਬਰ ਤੋਂ ਲਗਾਤਾਰ ਜਾਰੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੋਂ ਬਾਅਦ ਵੀ ਸਰਕਾਰ ਦੀਆਂ ਅੱਖਾਂ ਨਾ ਖੁੱਲਣ ਅਤੇ ਮੰਗਾਂ ਪ੍ਰਤੀ ਕੋਈ ਹੀਲ ਹੁੱਜਤ ਨਾ ਕਰਨ ਖਿਲਾਫ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੇ ਗਏ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਹੀ ਵਿੱਚ ਹਜ਼ਾਰਾਂ ਕਿਸਾਨਾਂ ਮਜਦੂਰਾਂ ਵੱਲੋਂ ਪੂਰੇ ਅੰਮ੍ਰਿਤਸਰ ਸਮੇਤ ਨਾਲ ਲਗਦੇ ਬਾਜ਼ਾਰਾਂ ਵਿੱਚ ਪੈਦਲ ਯਾਤਰਾ ਕਰਕੇ ਦੁਕਾਨਦਾਰਾਂ, ਰੇੜ੍ਹੀ ਫੜ੍ਹੀ ਵਾਲਿਆਂ, ਛੋਟੇ ਵਪਾਰੀਆਂ, ਆਟੋ ਰਿਕਸ਼ਾ ਚਾਲਕਾਂ ਅਤੇ ਬਾਜ਼ਾਰਾਂ ਵਿੱਚ ਮਿਲਣ ਵਾਲੀ ਆਮ ਜਨਤਾ ਨੂੰ 30 ਦਸੰਬਰ ਦੇ ਬੰਦ ਪ੍ਰਤੀ ਜਾਗਰੂਕ ਕੀਤਾ ਅਤੇ ਸਮਝਾਉਣ ਦਾ ਯਤਨ ਕੀਤਾ ਕਿ ਚਲ ਰਹੇ ਦਿੱਲੀ ਅੰਦੋਲਨ ਕਿਵੇਂ ਹਰ ਵਰਗ ਨਾਲ ਸਬੰਧ ਰੱਖਦਾ ਹੈ ਅਤੇ ਕਿਸ ਤਰ੍ਹਾਂ ਸਰਕਾਰ ਕਾਰਪੋਰੇਟ ਘਰਾਣਿਆਂ ਹੱਥੋਂ ਸਭ ਦੇ ਹੱਕ ਵੇਚਣ ਦਾ ਸੌਦਾ ਕਰੀ ਜਾ ਰਹੀ ਹੈ। ਉਹਨਾਂ ਨੇ ਅੰਤਰਰਾਜੀ ਬੱਸ ਅੱਡੇ ਤੇ ਆ ਕੇ ਬੱਸ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਦੂਰ ਦੁਰਾਡੇ ਜਾਣ ਵਾਲੀਆਂ ਬੱਸਾਂ ਤੇ 30 ਦੇ ਬੰਦ ਸਬੰਧੀ ਜਾਣਕਾਰੀ ਦੇ ਪੋਸਟਰ ਲਗਾਏ ਤਾਂ ਜ਼ੋ ਬੰਦ ਸਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਅਤੇ ਆਮ ਜੰਨਤਾਂ ਨੂੰ ਘੱਟ ਤੋਂ ਘੱਟ ਖੱਜਲ ਖੁਆਰੀ ਦਾ ਸਹਾਮਣਾ ਕਰਨ ਪਵੇ। ਉਹਨਾਂ ਦੱਸਿਆ ਕਿ ਮੈਡੀਕਲ ਅਤੇ ਸਿਹਤ ਸੇਵਾਵਾਂ, ਵਿਆਹ ਸ਼ਾਦੀਆਂ ਵਾਲੀਆਂ ਗੱਡੀਆਂ, ਜਰੂਰੀ ਇੰਟਰਵਿਊ ਲਈ ਜਾਣ ਵਾਲੇ ਜਾਂ ਵਿਦੇਸ਼ ਜਾਣ ਲਈ ਹਵਾਈ ਅੱਡੇ ਨੂੰ ਜਾਣ ਵਾਲੇ ਲੋਕਾਂ ਨੂੰ ਬੰਦ ਤੋਂ ਰਾਹਤ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਵੇਰ 7 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ ਅਤੇ ਬੀਤੇ ਕੱਲ੍ਹ ਖਨੌਰੀ ਬਾਡਰ ਤੇ ਸੈਕੜੇ ਜਨਤਕ ਤੇ ਟਰੇਡ ਯੂਨੀਅਨਾਂ ਵੱਲੋਂ ਇਸ ਬੰਦ ਦਾ ਸੱਦਾ ਪ੍ਰਵਾਨ ਕਰਦੇ ਹੋਏ ਸਮਰਥ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਜ਼ਾਰਾਂ ਦੇ ਨਾਲ ਨਾਲ ਸੜਕ ਮਾਰਗ ਅਤੇ ਰੇਲ ਮਾਰਗ ਵੀ ਜਾਮ ਰਹਿਣਗੇ। ਉਹਨਾਂ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਆਪਣੇ ਕਾਰੋਬਾਰ ਚੰਦ ਘੰਟਿਆਂ ਲਈ ਸੰਕੋਚ ਕੇ ਬੰਦ ਦਾ ਸਾਥ ਦੇਣ ਲਈ ਕਿਹਾ ਤਾਂ ਜੋ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਇਸ ਅੰਦੋਲਨ ਵਿੱਚ ਸਾਰੇ ਪੰਜਾਬ ਦੀ ਇੱਕਜੁੱਟਤਾ ਨੂੰ ਸਾਬਤ ਕੀਤਾ ਜਾ ਸਕੇ। ਇਸ ਮੌਕੇ ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਰੁਮਾਣਾਚੱਕ, ਕੰਧਾਰ ਸਿੰਘ ਭੋਏਵਾਲ, ਸਵਿੰਦਰ ਸਿੰਘ ਰੂਪੋਵਾਲੀ, ਮੰਗਜੀਤ ਸਿੰਘ ਸਿੱਧਵਾਂ, ਕੁਲਜੀਤ ਸਿੰਘ ਕਾਲੇ ਘਨੂਪੁਰ ਹਾਜ਼ਿਰ ਰਹੇ।







