




Total views : 154594







ਪੰਜਾਬ ਸਰਕਰ ਵੱਲੋਂ ਹਰ ਹੜ ਪੀੜਤ ਨੂੰ ਦਿੱਤਾ ਜਾਵੇਗਾ ਯੋਗ ਮੁਆਵਜਾ- ਹਰਭਜਨ ਸਿੰਘ ਈ.ਟੀ.ੳ
ਰਾਜ ਸਭਾ ਮੈਂਬਰ ਸਾਹਨੀ ਵੱਲੋਂ 1000 ਪਰਿਵਾਰਾਂ ਨੂੰ ਘਰੇਲੂ ਜ਼ਰੂਰਤਾਂ ਲਈ ਸਮਾਨ ਦੇਣ ਦਾ ਐਲਾਨ-
ਫਸਲਾਂ ਦੇ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਸ਼ੁਰੂ-ਧਾਲੀਵਾਲ
ਅੰਮ੍ਰਿਤਸਰ, 15 ਸਤੰਬਰ-(ਡਾ. ਮਨਜੀਤ ਸਿੰਘ)- ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕੰਮਾਂ ਨੂੰ ਤੇਜ਼ੀ ਦੇਣ ਲਈ ਪਦਮਸ਼੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ (ਰਾਜ ਸਭਾ) ਅਤੇ ਸਨ ਫਾਊਂਡੇਸ਼ਨ ਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਨੇ ਅੰਮ੍ਰਿਤਸਰ ਦੇ ਅਜਨਾਲਾ ਰੋਡ ‘ਤੇ ਇਕ ਰਿਸੋਰਟ ਨੂੰ ਬਦਲ ਕੇ ਅਧੁਨਿਕ ਹੜ੍ਹ ਰਾਹਤ ਅਤੇ ਮੁੜ ਵਸੇਬਾ ਮੇਗਾ ਵੇਅਰਹਾਊਸ ਸਹੂਲਤ ਸਥਾਪਤ ਕਰ ਦਿੱਤਾ ਹੈ। ਹੁਣ ਇਹ ਕੇਂਦਰ ਰਾਹਤ ਸਮੱਗਰੀ ਦੇ ਸਟੋਰੇਜ ਅਤੇ ਵੰਡ ਲਈ ਮੁੱਖ ਹੱਬ ਵਜੋਂ ਕੰਮ ਕਰੇਗਾ। ਅੱਜ ਇਸ ਕੰਮ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ।
ਇਸ ਮੇਗਾ ਵੇਅਰਹਾਊਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਯਤਨ ਜਿੰਨੇ ਜ਼ਰੂਰੀ ਹਨ, ਉਨ੍ਹਾਂ ਦੇ ਨਾਲ ਸਮਾਜਕ ਸੰਸਥਾਵਾਂ ਅਤੇ ਐਨਜੀਓ ਵੀ ਵੱਡਾ ਯੋਗਦਾਨ ਪਾ ਸਕਦੀਆਂ ਹਨ, ਤਾਂ ਜੋ ਪੁਨਰਵਾਸ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵਧੇ।
ਵੇਅਰਹਾਊਸ ਵਿੱਚ ਇਸ ਵੇਲੇ 50 ਟਰੈਕਟਰ ਅਤੇ 10 ਜੇਸੀਬੀ ਮਸ਼ੀਨਾਂ ਕਚਰਾ ਹਟਾਉਣ ਲਈ, 200 ਫੋਗਿੰਗ ਮਸ਼ੀਨਾਂ ਬਿਮਾਰੀਆਂ ਤੋਂ ਬਚਾਅ ਲਈ, 1,000 ਬਰਤਨ ਕਿਟਾਂ, 500 ਮੈਟ੍ਰਿਕ ਟਨ ਚਾਰਾ, 500 ਕਵਿੰਟਲ ਚਾਵਲ ਬੀ.ਪੀ.ਐਲ ਪਰਿਵਾਰਾਂ ਲਈ, ਅਤੇ 1,000 ਤੋਂ ਵੱਧ ਪਰਿਵਾਰਾਂ ਲਈ ਫੋਲਡਿੰਗ ਬੈਡ, ਗੱਦੇ, ਚਾਦਰਾਂ, ਕੰਬਲ, ਕੁਰਸੀਆਂ, ਗੈਸ ਸਟੋਵ ਅਤੇ ਮੈਡੀਕਲ ਕਿਟਾਂ ਰੱਖੀਆਂ ਗਈਆਂ ਹਨ। ਇਹ ਸਮੱਗਰੀ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਅਤੇ ਘਰ-ਘਰ ਦੀ ਮੈਪਿੰਗ ਕਰਕੇ ਸਭ ਤੋਂ ਜ਼ਰੂਰਤਮੰਦ ਪਰਿਵਾਰਾਂ ਤੱਕ ਪਹੁੰਚਾਈ ਜਾਵੇਗੀ। ਟਰੈਕਟਰ ਅਤੇ ਜੇਸੀਬੀ ਮਸ਼ੀਨਾਂ ਅੰਮ੍ਰਿਤਸਰ ਦੇ ਪ੍ਰਭਾਵਿਤ ਪਿੰਡਾਂ ਵਿੱਚ ਐਸ.ਡੀ.ਐਮ ਅਤੇ ਤਹਿਸੀਲਦਾਰਾਂ ਦੇ ਸਹਿਯੋਗ ਨਾਲ ਭੇਜੀਆਂ ਜਾਣਗੀਆਂ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਤੇ ਪੁਨਰਵਾਸ ਦੇ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਨੂੰ ਯੋਗ ਮੁਆਵਾਜਾ ਦਿੱਤਾ ਜਾਵੇਗਾ। ਸ੍ਰ ਈ:ਟੀ:ਓ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਾਫ ਸਫਾਈ ਅਭਿਆਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੜ੍ਹਾ ਆਈ ਗਾਰ ਨੂੰ ਸਾਫ ਕੀਤਾ ਜਾ ਰਿਹਾ ਹੈ। ਸ੍ਰ ਈ:ਟੀ:ਓ ਨੇ ਸ੍ਰ ਸਾਹਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਔਖੀ ਘੜੀ ਵਿੱਚ ਪੰਜਾਬੀਆਂ ਦੀ ਬਾਂਹ ਫੜੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸਾਹਨੀ ਨੇ ਅਪੀਲ ਕੀਤੀ ਕਿ ਸਾਰੇ ਲੋਕ ਇਸ ਮਨੁੱਖੀ ਸੰਕਟ ਵਿੱਚ ਇਕੱਠੇ ਹੋਣ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਸਮੇਂ ‘ਤੇ ਢੰਗ ਨਾਲ ਕਦਮ ਨਾ ਚੁੱਕੇ ਗਏ ਤਾਂ ਪੰਜਾਬ, ਜੋ ਦੇਸ਼ ਦਾ ਅਨਾਜ ਘਰ ਹੈ, ਨੈਸ਼ਨਲ ਫੂਡ ਚੇਨ ਲਈ ਗੰਭੀਰ ਖਤਰਾ ਬਣ ਸਕਦਾ ਹੈ। ਡਾ: ਸਾਹਨੀ ਨੇ ਦੱਸਿਆ ਕਿ ਸਾਰੀਆਂ ਐਨ:ਜੀ:ਓਜ਼ ਨੂੰ ਇਕੱਠਾ ਕਰਕੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਈ ਗਈ ਸਾਂਝਾ ਉਪਰਾਲਾ ਮੁਹਿੰਮ ਹੜ੍ਹ ਪੀੜਤ ਪਰਿਵਾਰਾਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸਮੂਹ ਐਨ:ਜੀ:ਓਜ਼ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਕੇ ਕੰਮਾਂ ਦੀ ਵੰਡ ਕਰਕੇ ਹਰੇਕ ਪੀੜਤ ਪਰਿਵਾਰ ਤੱਕ ਰਾਹਤ ਸਮੱਗਰੀ ਪਹੁੰਚਾਉਣਾ ਹੈ।
ਸਨ ਫਾਊਂਡੇਸ਼ਨ ਪਹਿਲਾਂ ਤੋਂ ਹੀ ਬਚਾਵ ਕਾਰਜਾਂ ਵਿੱਚ ਸਰਗਰਮ ਹੈ ਅਤੇ ਹੁਣ ਤੱਕ ਪ੍ਰਭਾਵਿਤ ਇਲਾਕਿਆਂ—ਅਜਨਾਲਾ (ਅੰਮ੍ਰਿਤਸਰ), ਡੇਰਾ ਬਾਬਾ ਨਾਨਕ, ਦੀਨਾਨਗਰ (ਗੁਰਦਾਸਪੁਰ) ਅਤੇ ਫਾਜ਼ਿਲਕਾ—ਵਿੱਚ ਮੋਟਰ ਬੋਟ, ਐਂਬੂਲੈਂਸ, ਰਾਸ਼ਨ, ਦਵਾਈਆਂ, ਸਫਾਈ ਸਮੱਗਰੀ, ਤਿਰਪਾਲ ਅਤੇ ਚਾਰਾ ਪਹੁੰਚਾ ਚੁੱਕੀ ਹੈ। ਇਹ ਨਵਾਂ ਮੇਗਾ ਵੇਅਰਹਾਊਸ ਪੰਜਾਬ ਵਿੱਚ ਹੜ੍ਹ ਰਾਹਤ ਅਤੇ ਪੁਨਰਵਾਸ ਯਤਨਾਂ ਲਈ ਇਕ ਮਹੱਤਵਪੂਰਨ ਜੀਵਨਰੇਖਾ ਸਾਬਤ ਹੋਵੇਗਾ।
ਇਸ ਮੌਕੇ ਹਲਕਾ ਵਿਧਾਇਕ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਡਾ ਸਾਹਨੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਨਾਲਾ ਵਾਸੀ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਣਗੇ। ਉਨ੍ਹਾਂ ਨੇ ਭਾਵੁਕ ਹੋ ਕੇ ਕਿਹਾ ਕਿ ਡਾ: ਸਾਹਨੀ ਵਰਗੇ ਇਨਸਾਨ ਰੱਬੀ ਰੂਪ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਡਾ: ਸਾਹਨੀ ਨੇ ਹਮੇਸ਼ਾਂ ਹੀ ਔਖੀ ਘੜੀ ਵਿੱਚ ਪੰਜਾਬ ਦਾ ਸਾਥ ਦਿੱਤਾ ਹੈ।
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਸਲਾਂ ਦੇ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ਸ਼ ਗਿਰਦਾਵਰੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜੋ 45 ਦਿਨ ਦੇ ਅੰਦਰ ਅੰਦਰ ਮੁਕੰਮਲ ਕਰ ਲਈ ਜਾਵੇਗੀ ਅਤੇ ਇਸ ਤੋਂ ਤੁਰੰਤ ਬਾਅਦ ਕਿਸਾਨਾਂ ਨੂੰ ਮੁਆਵਜਾ ਚੈਕ ਮਿਲਣ ਸ਼ੁਰੂ ਹੋ ਜਾਣਗੇ।
ਇਸ ਮੌਕੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਸ੍ਰ ਜਤਿੰਦਰ ਸਿੰਘ ਮੋਤੀ ਭਾਟੀਆ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸ੍ਰ ਅਰਵਿੰਦਰ ਸਿੰਘ ਭੱਟੀ,ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ, ਐਸ:ਡੀ:ਐਮ ਅਜਨਾਲਾ ਸ੍ਰ ਅਰਵਿੰਦਰ ਸਿੰਘ, ਐਸ:ਡੀ:ਐਮ ਲੋਪੋਕੇ ਸ੍ਰੀ ਸੰਜੀਵ ਕੁਮਾਰ ਤੋਂ ਇਲਾਵਾ ਵੱਖ ਵੱਖ ਅਧਿਕਾਰੀ ਵੀ ਹਾਜਰ ਸਨ।
ਕੈਪਸ਼ਨ
ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਵੱਲੋਂ ਹੜ੍ਹ ਰਾਹਤ ਅਤੇ ਮੁੜ ਵਸੇਬਾ ਮੈਗਾ ਗੁਦਾਮ ਦੀ ਸ਼ੁਰੂਆਤ ਸਮੇਂ ਅਰਦਾਸ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਅਤੇ ਵਿਧਾਇਕ ਸ੍ਰ ਕੁਲਦੀਪ ਸਿੰਘ ਧਾਲੀਵਾਲ।
ਵੱਖ ਵੱਖ ਤਸਵੀਰਾਂ






