ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਪਾਵਨ ਸਰੋਵਰ ਦੀ ਕੀਤੀ ਜਾਵੇਗੀ ਸਫ਼ਾਈ-

ਖ਼ਬਰ ਸ਼ੇਅਰ ਕਰੋ
050525
Total views : 166690

ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਕਰੀਬ 17.72 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਵੱਖ-ਵੱਖ ਵਿਕਾਸ ਕਾਰਜ – ਸ੍ਰੀ ਬਾਲ ਜੋਗੀ ਪ੍ਰਗਟ ਨਾਥ

ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਸੁੰਦਰੀਕਰਨ ਅਤੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ – ਸੋਨੀਆ ਮਾਨ

ਅੰਮ੍ਰਿਤਸਰ, 09 ਜੂਨ (ਡਾ. ਮਨਜੀਤ ਸਿੰਘ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਪਾਵਨ ਸਰੋਵਰ ਦੀ ਸਫ਼ਾਈ ਲਈ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਰੋਵਰ ਦੀ ਸਫ਼ਾਈ ਦਾ ਕਾਰਜ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਇਨ ਬੋਰਡ ਦੇ ਐਡਵਾਈਜਰੀ ਬੋਰਡ ਦੇ ਚੇਅਰਮੈਨ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਨੇ ਅੱਜ ਸ੍ਰੀ ਵਾਲਮੀਕਿ ਤੀਰਥ ਵਿਖੇ ਪ੍ਰੈੱਸ ਕਾਰਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪਾਵਨ ਸਰੋਵਰ ਦੀ ਸਾਫ ਸਫਾਈ ਲਈ 3.74 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਜਿਸ ਨਾਲ ਸਰੋਵਰ ਵਿੱਚੋਂ ਗਾਰ ਕੱਢਣੀ, ਸਾਫ ਰੇਤ ਪਾਉਣੀ ਅਤੇ ਹੋਰ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟੈਂਡਰ ਪ੍ਰੀਕ੍ਰਿਆ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਸਰੋਵਰ ਦੀ ਸਫ਼ਾਈ ਸ਼ੁਰੂ ਹੋ ਜਾਵੇਗੀ।

ਸ੍ਰੀ ਬਾਲ ਜੋਗੀ ਪ੍ਰਗਟ ਨਾਥ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਲਈ 17 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਪਹਿਲਾਂ ਹੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਇਹ ਸਾਰੇ ਵਿਕਾਸ ਕਾਰਜ ਤੇਜੀ ਨਾਲ ਜਾਰੀ ਹਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਵਿਕਾਸ ਲਈ 17.72 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 3.74 ਕਰੋੜ ਰੁਪਏ ਦੀ ਲਾਗਤ ਨਾਲ ਪਵਿੱਤਰ ਸਰੋਵਰ ਦੀ ਸਾਫ ਸਫਾਈ ਜਿਸ ਵਿੱਚ ਸਰੋਵਰ ਵਿੱਚੋਂ ਗਾਰ ਕੱਢਣੀ, ਸਾਫ ਰੇਤ ਪਾਉਣੀ ਅਤੇ ਹੋਰ ਵਿਕਾਸ ਕਾਰਨ ਕੀਤੇ ਜਾਣਗੇ। ਇਸ ਤੋਂ ਇਲਾਵਾ ਕਰੀਬ 2.8 ਕਰੋੜ ਰੁਪਏ ਦੀ ਲਾਗਤ ਨਾਲ ਮੁੱਖ ਮੰਦਿਰ ਦੀ ਪੇਟਿੰਗ/ਪਾਲਿਸਿੰਗ ਦਾ ਕੰਮ, ਮੰਦਿਰ ਨੂੰ ਜਾਂਦੇ ਰਸਤੇ ਦੇ ਪਿੱਲਰਾਂ ਦੀ ਮੁਰੰਮਤ ਦਾ ਕੰਮ, ਸੈਂਡ ਸਟੋਨ ਪੱਥਰ ਦੀ ਸਿਲੀਕਾਨ ਕਟਿੰਗ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 2.42 ਕਰੋੜ ਰੁਪਏ ਦੀ ਲਾਗਤ ਨਾਲ ਸੰਗਤ ਹਾਲ ਦੇ ਪੱਥਰ ਦੀ ਰਿਪੇਅਰ, ਲੰਗਰ ਹਾਲ, ਸਰਾਂ, ਪੈਨੋਰਮਾ ਸਥਿਤ ਹਾਲ ਦੇ ਪੇਂਟ ਦਾ ਕੰਮ ਕੀਤਾ ਜਾਵੇਗਾ। ਸ੍ਰੀ ਬਾਲ ਜੋਗੀ ਪ੍ਰਗਟ ਨਾਥ ਨੇ ਦੱਸਿਆ ਕਿ ਕਰੀਬ 1.74 ਕਰੋੜ ਰੁਪਏ ਦੀ ਲਾਗਤ ਨਾਲ ਸ਼ਰਧਾਲੂਆਂ ਲਈ ਸਰਾਂ ਵਿੱਚ ਨਵਾਂ ਫਰਨੀਚਰ, ਏ:ਸੀ ਅਤੇ ਹੋਰ ਕੰਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐੱਸ:ਟੀ:ਪੀ ਦੀ ਸਮਰਥਾ ਨੂੰ ਵਧਾਉਣਾ, ਸਾਰੇ ਬਾਥਰੂਮਾਂ ਦੀ ਮੁਰੰਮਤ, ਨਵੇਂ ਏ.ਸੀ. ਤੇ ਗੀਜਰ, ਫਾਇਰ ਸੇਫਟੀ ਸਿਸਟਮ ਆਦਿ ਦੇ ਕੰਮ ਵੀ ਕਰਵਾਏ ਜਾਣਗੇ ਜਿਸ `ਤੇ ਲੱਗਭੱਗ 5 ਕਰੋੜ ਤੋਂ ਵਧੇਰੇ ਰਾਸ਼ੀ ਖਰਚ ਹੋਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਵਿਕਾਸ ਕਾਰਜਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਨੇ ਕਿਹਾ ਕਿ ਇਸ ਪਾਵਨ ਅਸਥਾਨ ਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਪਿਆਰ, ਤਿਆਗ ਤੇ ਦੀਨ ਦੁਖੀਆਂ ਦੀ ਸੇਵਾ ਦੇ ਰਸਤੇ ਨੂੰ ਅਪਣਾ ਕੇ ਇਕ ਬੇਹਤਰ ਸਮਾਜ ਦੀ ਸਿਰਜਣਾ ਕਰਨ ਦਾ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੀ ਅਮਰ ਰਚਨਾ ਮਹਾਨ ਮਹਾਕਾਵਿ ਰਮਾਇਣ ਰਹਿੰਦੀ ਦੁਨੀਆਂ ਤੱਕ ਲੋਕਾਈ ਨੂੰ ਸੱਚ ਦਾ ਰਾਹ ਦਿਖਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਇਹ ਪਹਿਲੀ ਸਰਕਾਰ ਹੈ ਜੋ ਦੱਬੇ ਕੁਚਲੇ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ।

ਇਸ ਤੋਂ ਬਾਅਦ ਸ੍ਰੀ ਬਾਲ ਜੋਗੀ ਪ੍ਰਗਟ ਨਾਥ, ਮੈਡਮ ਸੋਨੀਆ ਮਾਨ ਸਮੇਤ ਹੋਰ ਆਗੂਆਂ ਵੱਲੋਂ ਪਵਿੱਤਰ ਸਰੋਵਰ ਦੀ ਸਫ਼ਾਈ ਤੋਂ ਪਹਿਲਾਂ ਪਾਵਨ ਜਲ ਨੂੰ ਗਾਗਰਾਂ ਵਿੱਚ ਭਰ ਕੇ ਸੁਰੱਖਿਅਤ ਰੱਖਿਆ ਗਿਆ ਤਾਂ ਜੋ ਸਰੋਵਰ ਦੀ ਸਫ਼ਾਈ ਉਪਰੰਤ ਇਸ ਜਲ ਨੂੰ ਦੁਬਾਰਾ ਸਰੋਵਰ ਵਿੱਚ ਪਾਇਆ ਜਾ ਸਕੇ।

ਇਸ ਮੌਕੇ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਚੰਦਨ ਗਰੇਵਾਲ ਅਤੇ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਨੇ ਵੀ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਜਨਰਲ ਮੈਨੇਜਰ ਸ੍ਰੀ ਮਧੁਰ ਭਾਟੀਆ, ਸ੍ਰੀ ਪਵਨ ਦਰਾਵਿੰਡ, ਸ੍ਰੀ ਸ਼ਸ਼ੀ ਗਿੱਲ, ਸ੍ਰੀ ਕੁਮਾਰ ਦਰਸ਼ਨ, ਬਾਬਾ ਨਛੱਤਰ ਨਾਥ, ਮਹੰਤ ਮਨਜੀਤ ਗਿਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

#dproamritsar #nasihattoday #Soniamaan