




Total views : 166886






Total views : 166886ਐੱਸ.ਆਈ.ਆਰ. ਪ੍ਰਕਿਰਿਆ ਨੂੰ ਤਰੁੱਟੀ ਰਹਿਤ ਮੁਕੰਮਲ ਕਰਨ ਲਈ ਬੀ.ਐੱਲ.ਓਜ਼. ਦਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ-
21 ਜੂਨ ਤੱਕ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਬੀ.ਐੱਲ.ਓਜ਼. ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ-
25 ਜੂਨ ਤੋਂ 24 ਜੁਲਾਈ 2026 ਤੱਕ ਸਮੂਹ ਬੀ.ਐਲ.ਓਜ. ਘਰ-ਘਰ ਜਾ ਕੇ ਐੱਸ.ਆਈ.ਆਰ. ਪ੍ਰੀਕ੍ਰਿਆ ਮੁਕੰਮਲ ਕਰਨਗੇ – ਜ਼ਿਲ੍ਹਾ ਚੋਣ ਅਧਿਕਾਰੀ
ਅੰਮ੍ਰਿਤਸਰ, 15 ਜੂਨ (ਡਾ. ਮਨਜੀਤ ਸਿੰਘ) – ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਕਰਨ ਅਤੇ ਉਨ੍ਹਾਂ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਨੂੰ ਦੂਰ ਕਰਨਾ ਹੈ।
ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਮੁਹਿੰਮ ਨੂੰ ਤੁਰੱਟੀ ਰਹਿਤ ਮੁਕੰਮਲ ਕਰਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਬੀ.ਐੱਲ.ਓਜ਼. (ਬੂਥ ਲੈਬਲ ਅਫ਼ਸਰਾਂ) ਦੇ ਵਿਸ਼ੇਸ਼ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਅੱਜ ਵਿਧਾਨ ਸਭਾ ਹਲਕਾ 15-ਅੰਮ੍ਰਿਤਸਰ ਉੱਤਰੀ, 16-ਅੰਮ੍ਰਿਤਸਰ ਪੱਛਮੀ ਅਤੇ 18-ਅੰਮ੍ਰਿਤਸਰ ਪੂਰਬੀ ਨਾਲ ਸਬੰਧਿਤ ਬੀ.ਐੱਲ.ਓਜ਼. ਦੇ ਸਿਖਲਾਈ ਕੈਂਪ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ 21 ਜੂਨ ਤੱਕ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਬੀ.ਐੱਲ.ਓਜ਼. ਨੂੰ ਐੱਸ.ਆਰ.ਆਈ. ਸਬੰਧੀ ਵਿਸ਼ੇਸ਼ ਸਿਖਲਾਈ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸੂਬੇ ਵਿੱਚ ਪ੍ਰੀ-ਐਸ.ਆਈ.ਆਰ. ਤਹਿਤ ਵੋਟਰਾਂ ਦੀ ਮੈਪਿੰਗ ਦਾ ਕੰਮ ਪੂਰੇ ਜੋਰਾਂ `ਤੇ ਹੈ ਅਤੇ ਐੱਸ.ਆਈ.ਆਰ. ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ 19,73,071 ਵੋਟਰਾਂ ਵਿੱਚੋਂ 17,51,918 ਵੋਟਰਾਂ (88.79 ਫ਼ੀਸਦੀ) ਦੀ ਵੋਟਰ ਸੂਚੀ 2003 ਨਾਲ ਮੈਪਿੰਗ ਸਫ਼ਲਤਾ ਪੂਰਵਕ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ 221153 ਵੋਟਰ ਅਨ-ਮੈਪਡ ਰਹਿ ਗਏ ਹਨ, ਉਸ ਨੂੰ ਕਵਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਐੱਸ.ਆਈ.ਆਰ. ਦੇ ਸੋਧੇ ਸ਼ਡਿਊਲ ਅਨੁਸਾਰ 25 ਜੂਨ 2026 ਤੋਂ 24 ਜੁਲਾਈ 2026 ਤੱਕ ਸਮੂਹ ਬੀ.ਐਲ.ਓਜ (ਬੂਥ ਲੈਵਲ ਅਫ਼ਸਰ) ਵੋਟਰਾਂ ਦੇ ਘਰ ਜਾ ਕੇ ਹਰ ਵੋਟਰ ਦਾ ਇਨਯੂਮੇਰੇਸ਼ਨ ਫਾਰਮ ਭਰਨਗੇ। ਇਸ ਦੌਰਾਨ 24 ਜੁਲਾਈ 2026 ਤੱਕ ਪੋਲਿੰਗ ਸਥਾਨਾਂ ਦੀ ਰੈਸ਼ਨਲਾਈਜ਼ੇਸ਼ਨ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03 ਅਗਸਤ 2026 ਤੋਂ 02 ਸਤੰਬਰ 2026 ਤੱਕ ਲਏ ਜਾਣਗੇ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03 ਅਗਸਤ 2026 ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 01-10-2026 ਨੂੰ ਕੀਤੀ ਜਾਵੇਗੀ।







