ਖੇਤੀਬਾੜੀ ਵਿਭਾਗ ਅਤੇ ਕੇ.ਵੀ.ਕੇ ਦੀ ਟੀਮਾਂ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਸਰਫੇਸ ਸੀਡਰ ਮਸ਼ੀਨ ਦੀ ਤਕਨਿਕ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਦਾ ਦੌਰਾ

ਖ਼ਬਰ ਸ਼ੇਅਰ ਕਰੋ
035612
Total views : 131859

ਨਵਾਂਸ਼ਹਿਰ, 18 ਜਨਵਰੀ — ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਖੇਤੀਬਾੜੀ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਸਰਫੇ ਸੀਡਰ ਨਾਲ ਬੀਜੀ ਹੋਈ ਕਣਕ ਦੇ ਵੱਖ ਵੱਖ ਖੇਤਾਂ ਦਾ ਦੌਰਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਵੱਲੋਂ ਪੂਰਾ ਸਹਿਯੋਗ ਪ੍ਰਾਪਤ ਹੋਇਆ ਹੈ ਜਿਸ ਕਰਕੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ਵਿੱਚ ਕਮੀ ਆਈ ਹੈ।

ਮੁੱਖ ਖੇਤੀਬਾੜੀ ਅਫਸਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਨਵੀਨਤਮ ਮਸ਼ੀਨ ਸਰਫੇਸ ਸੀਡਰ ਦੀ ਤਕਨੀਕ ਨਾਲ ਕਣਕ ਦੀ ਬਜਾਈ ਬਿਨਾਂ ਪਰਾਲੀ ਨੂੰ ਸਾੜ ਕੇ ਕਰਨ ਵਾਲੇ ਕਿਸਾਨ ਸ. ਬਲਵੀਰ ਸਿੰਘ ਪਿੰਡ ਉਧੋਵਾਲ ਅਤੇ ਸ. ਸੁਖਦੇਵ ਸਿੰਘ ਪਿੰਡ ਬੋਹਾਰਾ ਦੇ ਖੇਤਾਂ ਦਾ ਮੁਆਇਨਾ ਕੀਤਾ ਗਿਆ। ਉਨਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਇਸ ਨੂੰ ਅੱਗ ਨਾ ਲਾਉਣ ਤਾਂ ਜੋ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀਰੋ ਬਰਨਿੰਗ ਵਾਲਾ ਜਿਲਾ ਬਣ ਸਕੇ ਅਤੇ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕੇ।

ਇਸ ਮੌਕੇ ਤੇ ਡਾਕਟਰ ਮਨਿੰਦਰ ਬੋਂਸ ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਸਰਫੇਸ ਸੀਡਰ ਮਸ਼ੀਨ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ ਕਿ ਸਰਫੇਸ ਸੀਡਰ ਮਸ਼ੀਨ ਚਲਾਉਣ ਲਈ 40-45 ਹਾਰਸਪਾਵਰ ਦੇ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਸ਼ੀਨ ਨਾਲ 14-16 ਕਿੱਲੇ ਇਕ ਦਿਨ ਵਿੱਚ ਬੀਜੇ ਜਾ ਸਕਦੇ ਹਨ।ਇਹ ਮਸ਼ੀਨ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਬਣਾਈ ਗਈ ਹੈ। ਉਹਨਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜੋ ਵੀ ਕਿਸਾਨ ਇਸ ਤਕਨੀਕ ਨਾਲ ਬਿਜਾਈ ਕਰਨਾ ਚਾਹੁੰਦੇ ਹਨ ਉਹ ਖੇਤੀਬਾੜੀ ਵਿਭਾਗ ਜਾਂ ਕੇ.ਵੀ.ਕੇ ਲੰਗੜੋਆ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਡਾ. ਰਾਜ ਕੁਮਾਰ ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ,ਡਾ. ਲੇਖ ਰਾਜ ਬਲਾਕ ਖੇਤੀਬਾੜੀ ਅਫਸਰ ਔੜ,ਇੰਜ: ਚੰਦਨ ਸ਼ਰਮਾ ਸਹਾਇਕ ਖੇਤੀਬਾੜੀ ਇੰਜੀਨੀਅਰ,ਡਾ. ਅਸ਼ਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਡਾਕਟਰ ਕਮਲਦੀਪ ਸੰਘਾ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ. ਕਿਰਨ ਅਸਿਸਟੈਂਟ ਪ੍ਰੋਫੈਸਰ ਕੇ.ਵੀ.ਕੇ., ਲਖਵਿੰਦਰ ਸਿੰਘ ਏ.ਟੀ.ਐਮ. ਅਤੇ ਹੋਰ ਕਿਸਾਨ ਵੀ ਹਾਜਰ ਸਨ।