ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪੋਸਟਰ, ਪੈਫਲਿਟ, ਬੈਨਰ ਦੀ ਛਪਾਈ ਵਾਲੇ ਪ੍ਰਿੰਟਰਾਂ ਨੂੰ ਸਖਤ ਹਦਾਇਤਾਂ ਜਾਰੀ

ਖ਼ਬਰ ਸ਼ੇਅਰ ਕਰੋ
035610
Total views : 131857

ਲੋਕ ਸਭਾ ਚੋਣਾਂ 2024
ਪੋਸਟਰ, ਬੈਨਰ, ਪੈਫਲਿਟ ਦੇ ਕੰਟੇਂਟ ਦੀ ਐਮ. ਸੀ. ਐਮ. ਸੀ ਤੋਂ ਪੂਰਵ ਪ੍ਰਵਾਨਗੀ ਦੀ ਨਹੀਂ ਲੋੜ
ਆਡੀਓ/ਵੀਡੀਓ ਦੇ ਮਾਮਲੇ ਵਿੱਚ ਪੂਰਵ ਪ੍ਰਵਾਨਗੀ ਲਾਜ਼ਮੀ

ਤਰਨ ਤਾਰਨ, 09 ਮਈ-(ਡਾ. ਦਵਿੰਦਰ ਸਿੰਘ)- ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਪੋਸਟਰ, ਪੈਫਲਿਟ, ਬੈਨਰ ਆਦਿ ਦੀ ਛਪਾਈ ਕਰਨ ਵਾਲੇ ਪ੍ਰਿੰਟਰਾਂ ਨੂੰ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਸਖਤ ਦਿਸਾ ਨਿਰਦੇਸ਼ ਜਾਰੀ ਕੀਤੇ ਗਏ ਤਾਂ ਜੋ ਚੋਣ ਜਾਬਤੇ ਦੀ ਕਿਸੇ ਪ੍ਰਕਾਰ ਦੀ ਉਲੰਘਣਾ ਨਾ ਹੋਵੇ।
ਉਨਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਚਾਰ ਸਬੰਧੀ ਪੋਸਟਰ, ਪੈਫਲਿਟ, ਬੈਨਰ, ਵਾਲਪੇਪਰ ਆਦਿ ਛਪਾਉਣ ਵੇਲੇ ਜ਼ਿਲਾ ਪੱਧਰੀ ਐੱਮ. ਸੀ. ਐੱਮ. ਸੀ (ਮੀਡੀਆ ਸਰਟੀਫਿਕੇਸਨ ਐਂਡ ਮੋਨੀਟਰਿੰਗ ਕਮੇਟੀ) ਪਾਸੋਂ ਪ੍ਰੀ ਸਰਟੀਫਿਕੇਸ਼ਨ (ਪੂਰਵ ਪ੍ਰਵਾਨਗੀ) ਲੈਣ ਦੀ ਜ਼ਰੂਰਤ ਨਹੀਂ ਹੈ, ਪਰ ਉਹਨਾਂ ਤੇ ਆਉਣ ਵਾਲੇ ਖਰਚੇ ਦੀ ਜਾਣਕਾਰੀ ਐਕਸਪੈਂਡੀਚਰ ਸੈਲ ਵਿਖੇ ਹਰ ਹਾਲ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਪੈਂਫਲਿਟ ਜਾਂ ਇਸ਼ਤਿਹਾਰ ਛਾਪਣ ਸਮੇਂ ਉਸ ਉਪਰ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪੂਰਾ ਪਤਾ ਛਾਪਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪ੍ਰਿੰਟਿਡ ਮਟੀਰੀਅਲ ਦੀਆਂ ਚਾਰ ਕਾਪੀਆਂ ਵੀ ਜਮ੍ਹਾਂ ਕਰਾਉਣਗੇ। ਇਹ ਮੁਕੰਮਲ ਸੂਚਨਾ ਪ੍ਰਿੰਟਿੰਗ ਦੇ ਤਿੰਨ ਦਿਨ ਦੇ ਅੰਦਰ ਅੰਦਰ ਆਉਣੀ ਲਾਜ਼ਮੀ ਹੈ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਪ੍ਰਚਾਰ ਸਮੱਗਰੀ ਛਾਪਣ ਤੋਂ ਪਹਿਲਾਂ ਇਹ ਘੋਸ਼ਣਾ ਪੱਤਰ ਲਿਆ ਜਾਵੇ ਕਿ ਇਹ ਚੋਣ ਸਮੱਗਰੀ ਕਿਸ ਵੱਲੋਂ ਅਤੇ ਕਿੰਨੀ ਗਿਣਤੀ ਵਿੱਚ ਛਪਵਾਈ ਜਾ ਰਹੀ ਹੈ ਅਤੇ ਛਾਪੀ ਗਈ ਪ੍ਰਚਾਰ ਸਮੱਗਰੀ ਦੀ ਖਰਚੇ ਸਮੇਤ ਸੂਚਨਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੂੰ ਐਕਸਪੈਂਡੀਚਰ ਸੈਲ ਰਾਹੀਂ ਦੇਣੀ ਲਾਜ਼ਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਜਿਹੜੀ ਵੀ ਪ੍ਰਿੰਟਿੰਗ ਪ੍ਰੈਸ, ਪ੍ਰਚਾਰ ਸਮੱਗਰੀ ਨੂੰ ਛਾਪੇਗੀ ਉਸ ਵੱਲੋਂ ਬੈਨਰ, ਫ਼ਲੈਕਸ, ਪੋਸਟਰ, ਪੈਂਫਲਿਟ, ਕਿਤਾਬਚੇ ਉਪਰ ਆਪਣੀ ਪ੍ਰੈਸ ਦਾ ਨਾਮ, ਪਤਾ, ਗਿਣਤੀ ਛਾਪਣਾ 127 (ਏ) ਆਫ ਆਰ. ਬੀ. ਐਕਟ 1951 ਤਹਿਤ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ ਵੱਲੋਂ ਜਾਤ-ਪਾਤ, ਧਰਮ ਆਦਿ ਸਬੰਧੀ ਕੋਈ ਵੀ ਇਤਰਾਜ਼ਯੋਗ ਮਟੀਰੀਅਲ ਨਹੀਂ ਛਾਪਿਆ ਜਾਵੇਗਾ।
ਉਹਨਾਂ ਦੱਸਿਆ ਕਿ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜ਼ੀ ਵਿੱਚ ਭੱਦੀ ਸ਼ਬਦਾਂਵਲੀ, ਕਿਸੇ ਵੀ ਧਰਮ ਦੇ ਖਿਲਾਫ ਵਰਤੀ ਜਾਂਦੀ ਸ਼ਬਦਾਵਲੀ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੋਵੇ, ਇਸ਼ਤਿਹਾਰ ਨੂੰ ਨਾ ਛਾਪਿਆ ਜਾਵੇ।
ਉਨਾਂ ਦੱਸਿਆ ਕਿ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ‘ਤੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਇਲੈਕਟਰੋਨਿਕ ਮੀਡੀਆ ਸਬੰਧੀ ਆਪਣੇ ਇਸ਼ਤਿਹਾਰ ਦੀ ਮਨਜ਼ੂਰੀ ਲਈ ਤਿੰਨ ਦਿਨ ਪਹਿਲਾਂ ਐਮ. ਸੀ. ਐਮ. ਸੀ. ਸੈੱਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਰਜ਼ੀ ਦੇਣਗੀਆਂ ਜਦ ਕਿ ਗੈਰ ਰਜਿਸਟਰਡ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਸੱਤ ਦਿਨ ਪਹਿਲਾਂ ਇਹ ਮਨਜ਼ੂਰੀ ਪ੍ਰਾਪਤ ਕਰਨ ਲਈ ਅਰਜ਼ੀ ਦੇਣਗੀਆ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੋਸ਼ਲ ਮੀਡੀਆ, ਇੰਟਰਨੈਂਟ, ਵੈਬਸਾਈਟ ਵੀ ਇਲੈਕਟਰੋਨਿਕ ਮੀਡੀਆ ਦਾ ਹਿੱਸਾ ਹੈ, ਇਸ ਕਾਰਨ ਇਨ੍ਹਾਂ ਉੱਪਰ ਕੋਈ ਵੀ (ਆਡੀਓ/ਵੀਡੀਓ) ਕੰਟੈਂਟ ਪਾਉਣ ਤੋਂ ਪਹਿਲਾਂ ਐਮ. ਸੀ. ਐਮ. ਸੀ ਸੈਲ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।
ਇਸ ਤੋਂ ਇਲਾਵਾ ਜੇਕਰ ਕਿਸੇ ਰਾਜਨੀਤਿਕ ਪਾਰਟੀ ਵਲੋਂ ਆਡੀਓ/ਵੀਜੀਊਲ/ਵੀਡੀਓ) ਕੰਟੈਂਟ ਕਿਸੇ ਜਨਤਕ ਥਾਂ ‘ਤੇ ਇਸ਼ਤਿਹਾਰ ਦੇ ਰੂਪ ਵਿੱਚ ਚਲਾਉਣਾ ਹੈ ਤਾਂ ਉਸ ਦੀ ਪੂਰਵ ਪ੍ਰਵਾਨਗੀ ਵੀ ਐਮ. ਸੀ. ਐਮ. ਸੀ. ਸੈੱਲ ਤੋਂ ਲੈਣੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਦਿਨ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿਚ ਛੱਪਣ ਵਾਲੇ ਇਸ਼ਤਿਹਾਰਾਂ ਦੀ ਪ੍ਰੀ ਸਰਟੀਫਿਕੇਸ਼ਨ (ਪੂਰਵ ਮਨਜੂਰੀ) ਲਈ ਉਮੀਦਵਾਰ ਜਾਂ ਪਾਰਟੀ ਨੂੰ ਘੱਟੋ-ਘੱਟ ਦੋ ਦਿਨ ਪਹਿਲਾਂ ਐਮ. ਸੀ. ਐਮ. ਸੀ. ਕੋਲ ਅਰਜ਼ੀ ਦੇਣਾ ਲਾਜਮੀ ਹੋਵੇਗਾ।
ਵੀਡੀਓ ਦੇ ਮਾਮਲੇ ਵਿੱਚ ਵੀਡੀਓ ਤੋਂ ਇਲਾਵਾ ਲਿਖਤੀ ਤਸਦੀਕ ਸ਼ੁਦਾ ਸਕ੍ਰਿਪਟ ਵੀ ਦੇਣੀ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਵੀਡੀਓ ਬਣਾਉਣ ਤੇ ਕੀਤੇ ਗਏ ਖਰਚੇ ਦਾ ਵੇਰਵਾ ਵੀ ਦੱਸਣਾ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਜਿਸ ਦਿਨ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾਵੇਗਾ, ਉਸ ਦਾ ਵੇਰਵਾ ਵੀ ਦੇਣਾ ਲਾਜ਼ਮੀ ਹੋਵੇਗਾ।ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਕੰਟੈਂਟ, ਸੰਦੇਸ਼/ਕਮੈਂਟ/ਫੋਟੋ/ਪੋਸਟ ਕੀਤਾ ਬਲੋਗ/ਸੈਲਫ ਅਕਾਊਂਟ ਤੇ ਅਪਲੋਡ ਕੀਤਾ ਹੋਵੇ ਦੀ ਪ੍ਰੀ ਸਰਟੀਫਿਕੇਸ਼ਨ ਦੀ ਲੋੜ ਨਹੀਂ ਹੈ।