




Total views : 137724







ਜਲੰਧਰ, 04 ਦਸੰਬਰ-(ਸਿਕੰਦਰ ਮਾਨ)- ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਵਲੋਂ ਅੱਜ ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਚਿੱਤਰ ਹਾਰਾ ਵਿਖੇ 66 ਕੇਵੀ ਬਿਜਲੀ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ 7 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਨਵੇਂ ਪ੍ਰਾਜੈਕਟ ਵਿੱਚ 12.5 ਐਮਵੀਏ ਬਿਜਲੀ ਟਰਾਂਸਫਾਰਮਰ ਅਤੇ 4.5 ਕਿਲੋਮੀਟਰ ਲੰਬੀ 66 ਕੇਵੀ ਲਾਈਨ ਹੋਵੇਗੀ। ਇਸ ਪ੍ਰਾਜੈਕਟ ਨੂੰ 9 ਨਵੇਂ ਗਿਆਰਾਂ ਕੇਵੀ ਫੀਡਰਾਂ (6 ਖੇਤੀਬਾੜੀ, 1 ਸ਼ਹਿਰੀ ਅਤੇ 2 ਯੂ.ਪੀ.ਐਸ. ਫੀਡਰ) ਨਾਲ ਵੀ ਜੋੜਿਆ ਜਾਵੇਗਾ। ਇਸ ਸਬ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਸਿੱਧੇ ਤੌਰ ’ਤੇ 20 ਪਿੰਡਾਂ ਅਤੇ 17 ਹੋਰ ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਹੋਣ ਨਾਲ ਕੁੱਲ 37 ਪਿੰਡਾਂ ਨੂੰ ਲਾਭ ਮਿਲੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸਬ ਸਟੇਸ਼ਨ ਨਾਲ ਫੀਡਰ ਦੀ ਲੰਬਾਈ ਵੀ ਘੱਟੇਗੀ, ਜਿਸ ਦੇ ਸਿੱਟੇ ਵਜੋਂ ਖੇਤੀਬਾੜੀ,ਘਰੇਲੂ ਅਤੇ ਉਦਯੋਗਿਕ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇਗੀ।ਇਸ ਨਾਲ 132 ਕੇਵੀ. ਨਕੋਦਰ, 220 ਕੇਵੀ ਨੂਰਮਹਿਲ ਅਤੇ 66 ਕੇਵੀ ਸਮਸ਼ਾਬਾਦ ਅਤੇ ਸ਼ੰਕਰ ਪਾਵਰ ਸਟੇਸ਼ਨ ’ਤੇ ਲੋਡ ਨੂੰ ਘਟਾਇਆ ਜਾ ਸਕੇਗਾ, ਜਿਸ ਨਾਲ ਇਨ੍ਹਾਂ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ।
ਇਸ ਮੌਕੇ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਸਰਕਾਰ ਦੀ ਸੂਬੇ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਸੂਬੇ ਦੇ ਊਰਜਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਵਚਨਬੱਧਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਕੱਲੇ ਜਲੰਧਰ ਜ਼ਿਲ੍ਹੇ ਵਿੱਚ ਬਿਜਲੀ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ 273 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।






